ਦੁਆਬੇ ਵਿਚ ਕਿੰਨੇ ਜ਼ਿਲ੍ਹੇ ਆਉਂਦੇ ਹਨ PUNJAB GK IN PUNJABI LANGUAGE
ਦੁਆਬਾ
ਦੁਆਬਾ (ਇਲਾਕਾ): ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਾਲੇ ਵਾਲੇ ਖੇਤਰ ਨੂੰ ਆਮ ਤੌਰ 'ਤੇ ਦੁਆਬਾ ਕਿਹਾ ਜਾਂਦਾ ਹੈ। ਇਸ ਸ਼ਬਦ ਤੋਂ ਭਾਵ ਹੈ ਦੋ ਦਰਿਆਵਾਂ ਨੂੰ ਦਾ ਵਿਚਲਾ ਖੇਤਰ। ਇਹ ‘ਬਿਸਤ ਦੁਆਬ ' ਦੇ ਨਾਂ ਨਾਲ ਵੀ ਪ੍ਰਸਿੱਧ ਹੈ ਅਤੇ ਕਦੇ ਕਦੇ ਇਸ ਨੂੰ ਜਲੰਧਰ ਦੁਆਬ ਵੀ ਕਹਿੰਦੇ ਸੁਣਿਆ ਗਿਆ ਹੈ। ਇਸ ਵਿਚ ਪੰਜਾਬ ਦੇ ਚਾਰ ਜ਼ਿਲ੍ਹੇ- ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ—ਸ਼ਾਮਲ ਹਨ। ਸ਼ਿਵਾਲਕ ਪਹਾੜੀਆਂ ਦੇ ਪੈਰਾਂ ਤੋਂ ਸ਼ੁਰੂ ਹੋਏ ਇਸ ਖੇਤਰ ਵਿਚ ਅਨੇਕ ਚੋਆਂ ਪੈਂਦੀਆ ਹਨ ਅਤੇ ਇਨ੍ਹਾਂ ਵਿਚ ਆਉਣ ਵਾਲੇ ਹੜ੍ਹਾਂ ਕਾਰਣ ਇਸ ਦੁਆਬ ਦੀ ਮਿੱਟੀ ਦੀ ਪਰਤ ਹਰ ਸਾਲ ਸਜਰੀ ਹੁੰਦੀ ਰਹਿੰਦੀ ਹੈ। ਇਸ ਕਰਕੇ ਜ਼ਮੀਨ ਬਹੁਤ ਜ਼ਰਖ਼ੇਜ਼ ਹੈ। ਪਰ ਜ਼ਮੀਨ ਘਟ ਅਤੇ ਆਬਾਦੀ ਜ਼ਿਆਦਾ ਹੋਣ ਕਾਰਣ ਜਿਥੇ ਇਥੋਂ ਦੇ ਲੋਕਾਂ ਨੇ ਚੱਪਾ ਚੱਪਾ ਧਰਤੀ ਵਾਹੀ-ਯੋਗ ਬਣਾ ਲਈ । ਉਥੋਂ ਲੋਕੀਂ ਆਪਣੀ ਰੋਜ਼ੀ ਰੋਟੀ ਲਈ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਵੀ ਮਜਬੂਰ ਹੋ ਗਏ।
ਸਿੱਖ ਇਤਿਹਾਸ ਵਿਚ ਇਸ ਖੇਤਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਿਚਲੇ ਸੁਲਤਾਨਪੁਰ ਲੋਧੀ ਨਗਰ ਵਿਚ ਗੁਰੂ ਨਾਨਕ ਦੇਵ ਜੀ ਨੇ ਰਹਿ ਕੇ ਧਰਮ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ਦੀ ਜੁਗਤ ਬਣਾਈ ਅਤੇ ਵੇਈਂ ਵਿਚ ਪ੍ਰਵੇਸ਼ ਕਰਨ ਅਤੇ ਉਸ ਨਦੀ ਵਿਚ ਤਿੰਨ ਦਿਨ ਰਹਿਣ ਦੌਰਾਨ ਹੋਏ ਬ੍ਰਹਮ-ਸਾਖਿਆਤਕਾਰ ਤੋਂ ਬਾਦ ਆਪ ਉਦਾਸੀਆਂ ਉਤੇ ਚਲ ਪਏ। ਇਸੇ ਖੇਤਰ ਵਿਚ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ। ਇਸ ਖੇਤਰ ਵਿਚ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਹਰਿਰਾਇ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਅਨੇਕ ਪ੍ਰਚਾਰਫੇਰੀਆਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਬਾਬਾ ਬੰਦਾ ਬਹਾਦਰ ਤੋਂ ਬਾਦ ਇਸ ਖੇਤਰ ਦੇ ਸਿੰਘਾਂ ਨੇ ਮਾਝੇ ਦੇ ਸਿੰਘਾਂ ਨਾਲ ਮਿਲ ਕੇ ਮੁਗ਼ਲ ਸਾਮਰਾਜ ਤੋਂ ਮੁਕਤੀ ਹਾਸਲ ਕਰਨ ਦਾ ਜੋ ਅੰਦੋਲਨ ਆਰਭ ਕੀਤਾ, ਉਹ ਆਪਣੀ ਮਿਸਾਲ ਆਪ ਹੈ। ਸਿੱਖ ਮਿਸਲਾਂ ਦੀ ਗਤਿਵਿਧੀ ਇਸ ਖੇਤਰ ਵਿਚ ਕਾਫ਼ੀ ਵਿਆਪਕ ਰਹੀ। ਸ. ਜੱਸਾ ਸਿੰਘ ਆਹਲੂਵਾਲੀਆਂ ਨੇ ਸਿੱਖਾਂ ਦੀ ਮਹੱਤਵਪੂਰਣ ਕਪੂਰਥਲਾ ਰਿਆਸਤ ਇਸੇ ਖੇਤਰ ਵਿਚ ਕਾਇਮ ਕੀਤੀ।
ਉਨੀਵੀਂ ਸਦੀ ਦੇ ਅੰਤ ਵਿਚ ਇਸ ਖੇਤਰ ਦੇ ਸਿੱਖ ਕੈਨੇਡਾ ਅਤੇ ਅਮਰੀਕਾ ਵਲ ਜਾਣੇ ਸ਼ੁਰੂ ਹੋਏ, ਜਿਨ੍ਹਾਂ ਨੇ ਗ਼ਦਰ ਪਾਰਟੀ ਦੀ ਸਥਾਪਨਾ ਕਰਕੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਲਿਆ। ਬਬਰ ਅਕਾਲੀ ਲਹਿਰ ਦਾ ਜਨਮ ਇਸੇ ਇਲਾਕੇ ਵਿਚ ਹੋਇਆ। ਇਸ ਇਲਾਕੇ ਦੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਹਰਨਾਮ ਸਿੰਘ ਕੋਟਲਾ ਨੋਧ ਸਿੰਘ, ਪਿਆਰਾ ਸਿੰਘ ਲੰਗੋਰੀ ਅਤੇ ਸ਼ਿਵ ਸਿੰਘ ਕੋਟਲਾ ਨੂੰ ਉਮਰ ਕੈਦ ਹੋਈ। ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਬੀਰ ਸਿੰਘ ਬਾਹੋਵਾਲ ਅਤੇ ਰੰਗਾ ਸਿੰਘ ਖੁਰਦਪੁਰ ਨੂੰ ਟਾਮੀ ਦੀ ਸਜਾ ਹੋਈ। ਤੀਜੇ ਲਾਹੌਰ ਸਾਜਿਸ਼ ਕੇਸ ਵਿਚ ਕਲਵੰਤ ਸਿੰਘ ਕੈਨੇਡੀਅਨ ਖੁਰਦਪੁਰ ਅਤੇ ਰੂੜ ਸਿੰਘ ਸੰਗਵਾਲ ਨੂੰ ਫਾਂਸੀ ਦੀ ਸਜ਼ਾ ਹੋਈ ਅਤੇ ਵਤਨ ਸਿਘ ਕਾਹਰੀ, ਮੁਨਸ਼ਾ ਸਿੰਘ ਹਰਿਆਲਾ ਨੂੰ ਉਮਰ ਕੈਦ ਹੋਈ। ਇਸ ਤਰ੍ਹਾਂ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਦੌਰਾਨ ਭਾਰਤ ਦੀ ਆਜ਼ਾਦੀ ਲਈ ਦੁਆਬੀਏ ਸਿੱਖਾਂ ਦੁਆਰਾ ਦਿੱਤੀ ਕੁਰਬਾਨੀ ਭਾਰਤ ਦੇ ਇਤਿਹਾਸ ਦੀ ਲਹੂ-ਭਿਨੀ ਗਾਘਾ ਹੈ। ਦੇਸ ਲਈ ਦਿੱਤੀਆਂ ਇਨਾਂ ਕੁਰਬਾਨੀਆਂ ਦਾ ਸਿਖਰ ਭਗਤ ਸਿੰਘ ਨੇ ਆਪਣੀ ਸਹਾਦਤ ਨਾਲ ਛੋਹਿਆ।
0 Comments