ਅੰਮ੍ਰਿਤਸਰ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਵਸਾਇਆ ਸੀ PUNJAB GK IN PUNJABI LANGUAGE
ਪ੍ਰਸ਼ਨ - ਅੰਮ੍ਰਿਤਸਰ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਵਸਾਇਆ ਸੀ ?
ਉੱਤਰ - ਸ਼੍ਰੀ ਗੁਰੂ ਰਾਮਦਾਸ ਜੀ।
ਅੰਮ੍ਰਿਤਸਰ ਸ਼ਹਿਰ ਦੀ ਨੀਂਹ 1577 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿੱਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿੱਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ। 1635 ਵਿੱਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।
18ਵੀਂ ਸਦੀ ਵਿੱਚ ਕਈ ਉਤਾਰ ਚੜਾਉ ਸ਼ਹਿਰ ਵਿੱਚ ਹੋਏ। 1765 ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ। ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ। ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। ੧੮ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇੱਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।
ਰਣਜੀਤ ਸਿੰਘ, ਜੋ ਕਿ 1801 ਤੱਕ ਮਹਾਰਾਜੇ ਦੀ ਪਦਵੀ ਪ੍ਰਾਪਤ ਕਰ ਚੁੱਕਿਆ ਸੀ ਨੇ 1805 ਵਿੱਚ ਇਥੇ ਆਪਣਾ ਅਧਿਕਾਰ ਜਮਾਇਆ ਜਦੌਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ। 1815 ਵਿੱਚ ਰਾਮਗੜੀਆ ਕਿਲਾ ਹਥਿਆ ਲੈਣ ਉਪਰੰਤ 1820 ਵਿੱਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ।
0 Comments