Header Ads Widget

Responsive Advertisement

Ticker

6/recent/ticker-posts

ਧਰਮ-ਸੁਧਾਰ ਅੰਦੋਲਨ

 ਧਰਮ-ਸੁਧਾਰ ਅੰਦੋਲਨ 



ਧਰਮ-ਸੁਧਾਰ ਅੰਦੋਲਨ ਤੋਂ ਕੀ ਭਾਵ ਹੈ ? ਇਸ ਦੇ ਕਾਰਨ ਅਤੇ ਮੁੱਖ ਉਦੇਸ਼ ਕੀ ਸਨ ? ਜਾਂ 
ਧਰਮ-ਸੁਧਾਰ ਅੰਦੋਲਨ ਤੋਂ ਕੀ ਭਾਵ ਹੈ ? ਚਰਚ ਵਿੱਚ ਮੌਜੂਦ ਬੁਰਾਈਆਂ ਕਿਹੜੀਆਂ ਸਨ ਜਿਨ੍ਹਾਂ ਦੇ ਕਾਰਨ ਧਰਮ-ਸੁਧਾਰ ਅੰਦੋਲਨ ਚੱਲਿਆ ? ਜਾਂ  ਧਰਮ-ਸੁਧਾਰ ਅੰਦੋਲਨ ਦੇ ਸ਼ੁਰੂ ਹੋਣ ਦੇ ਕਾਰਨਾਂ ' ਤੇ ਪ੍ਰਕਾਸ਼ ਪਾਓ ।

ਉੱਤਰ- ਧਰਮ-ਸੁਧਾਰ ਅੰਦੋਲਨ ਪੁਨਰ-ਜਾਗਰਨ ਦੇ ਬਾਅਦ ਆਧੁਨਿਕ ਯੁਗ ਦੀ ਦੂਸਰੀ ਮਹਾਨ ਘਟਨਾ ਮੰਨੀ ਜਾਂਦੀ ਹੈ ਇਸ ਅੰਦੋਲਨ ਦਾ ਵਿਕਾਸ ਪੁਨਰ-ਜਾਗਰਨ ਦੀ ਗੋਦ ਵਿੱਚ ਹੀ ਹੋਇਆ । ਇਹ ਅੰਦੋਲਨ ਅਸਲ ਵਿੱਚ ਪੋਪ ਅਤੇ ਚਰਚ ਦੇ ਵਿਰੁੱਧ ਇਕ ਪ੍ਰਤੀਕਿਰਿਆ ਸੀ, ਜੋ 16ਵੀਂ ਸਦੀ ਵਿੱਚ ਯੂਰਪ ਦੇ ਦੇਸ਼ਾਂ ਵਿੱਚ ਹੋਈ ।

I . ਧਰਮ-ਸੁਧਾਰ ਅੰਦੋਲਨ ਦਾ ਇਤਿਹਾਸਿਕ ਪਿਛੋਕੜ ਅਤੇ ਉਦੇਸ਼ 

(ੳ) ਇਤਿਹਾਸਿਕ ਪਿਛੋਕੜ–16ਵੀਂ ਸਦੀ ਤੋਂ ਪਹਿਲਾਂ ਚਰਚ ਗ੍ਰੀਕ ਆਰਥੋਡਾਕਸ ਅਤੇ ਰੋਮਨ ਕੈਥੋਲਿਕ ਨਾਮਕ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਗ੍ਰੀਕ ਆਰਥੋਡਾਕਸ ਚਰਚ ਦਾ ਕੇਂਦਰ ਕੁਸਤੁਨਤੁਨੀਆ ਸੀ ਜਦਕਿ ਰੋਮਨ ਕੈਥੋਲਿਕ ਚਰਚ ਦਾ ਕੇਂਦਰ ਰੋਮ ਸੀ । 1453 ਈ. ਵਿੱਚ ਤੁਰਕਾਂ ਨੇ ਕੁਸਤੁਨਤੁਨੀਆ ਸਹਿਤ ਪੂਰਬੀ ਯੂਰਪ ਦੇ ਬਹੁਤ ਵੱਡੇ ਭਾਗ 'ਤੇ ਅਧਿਕਾਰ ਕਰ ਲਿਆ ਸੀ । ਸਿੱਟੇ ਵਜੋਂ ਆਰਥੋਡਾਕਸ ਚਰਚ ਮਹੱਤਵ ਘੱਟ ਹੋ ਗਿਆ । ਪਰੰਤੂ ਰੋਮਨ ਕੈਥੋਲਿਕ ਦਾ ਮਹੱਤਵ ਹੁਣ ਵੀ ਬਣਿਆ ਹੋਇਆ ਸੀ । ਕੈਥੋਲਿਕ ਚਰਚ ਇਕ ਸ਼ਕਤੀਸ਼ਾਲੀ ਸੰਸਥਾ ਸੀ । ਇਸ ਦੇ ਅਧਿਕਾਰੀਆਂ ਦਾ ਇਸ 'ਤੇ ਕੰਟਰੋਲ ਸੀ । ਜਨਮ ਤੋਂ ਲੈ ਕੇ ਮੌਤ ਤਕ ਵਿਅਕਤੀ ਦੀਆਂ ਸਾਰੀਆਂ ਰਸਮਾਂ ਚਰਚ ਦੇ ਨਿਯਮਾਂ ਅਨੁਸਾਰ ਹੀ ਹੁੰਦੀਆਂ ਸਨ । ਕੋਈ ਵੀ ਵਿਅਕਤੀ ਚਰਚ ਦੇ ਨਿਯਮਾਂ ਦਾ ਉਲੰਘਣ ਨਹੀਂ ਕਰ ਸਕਦਾ ਸੀ । ਚਰਚ ਦੀ ਆਪਣੀ ਸਰਕਾਰ ਹੁੰਦੀ ਸੀ ਅਤੇ ਉਸ ਨੇ ਆਪਣੇ ਕਾਨੂੰਨ, ਆਪਣੀ ਅਦਾਲਤ ਅਤੇ ਆਪਣੀ ਹੀ ਪੁਲਿਸ ਸਥਾਪਿਤ ਕੀਤੀ ਹੁੰਦੀ ਸੀ ਹਰੇਕ ਵਿਅਕਤੀ ਨੂੰ ਚਰਚ ਨੂੰ ਕਰ ਦੇਣਾ ਪੈਂਦਾ ਸੀ । ਸਮਰਾਟ ਆਪਣੇ ਰਾਜ ਦੇ ਕਾਨੂੰਨ ਚਰਚ 'ਤੇ ਲਾਗੂ ਨਹੀਂ ਕਰ ਸਕਦਾ ਸੀ । 

        ਪੋਪ ਧਰਮ ਦਾ ਮੁਖੀ ਤਾਂ ਸੀ ਹੀ, ਇਸ ਦੇ ਨਾਲ-ਨਾਲ ਉਹ ਰਾਜਨੀਤਿਕ ਮਾਮਲਿਆਂ ਵਿੱਚ ਵੀ ਦਖਲ-ਅੰਦਾਜ਼ੀ ਕਰਦਾ ਰਹਿੰਦਾ ਸੀ । ਸਿੱਟੇ ਵਜੋਂ ਰਾਜਿਆਂ ਦੇ ਨਾਲ ਉਸ ਦੇ ਸੰਬੰਧ ਠੀਕ ਨਹੀਂ ਰਹਿੰਦੇ ਸਨ । ਉਨ੍ਹਾਂ ਵਿੱਚ ਵਿਆਪਕ ਤਣਾਓ ਰਹਿੰਦਾ ਸੀ ਸਮਰਾਟ ਪੋਪ ਦੇ ਪ੍ਰਭਾਵ ਤੋਂ ਮੁਕਤ ਹੋਣ ਦਾ ਯਤਨ ਕਰਦੇ ਰਹਿੰਦੇ ਸਨ । ਹੌਲੀ-ਹੌਲੀ ਚਰਚ ਵਿੱਚ ਕਈ ਦੋਸ਼ ਆ ਗਏ ਅਤੇ ਉੱਥੇ ਪਾਪ ਦੇ ਅੱਡੇ ਬਣ ਗਏ । ਪਾਦਰੀ ਚਰਿੱਤਰਹੀਨ ਹੋ ਗਏ ਅਤੇ ਵਿਲਾਸੀ ਜੀਵਨ ਬਿਤਾਉਣ ਲੱਗੇ । ਇਸ ਕਾਰਨ ਲੋਕਾਂ ਵਿੱਚ ਰੋਹ ਉਤਪੰਨ ਹੋਇਆ ਅਤੇ ਉਨ੍ਹਾਂ ਨੇ ਚਰਚ ਦੇ ਵਿਰੁੱਧ ਆਵਾਜ਼ ਉਠਾਉਣੀ ਆਰੰਭ ਕਰ ਦਿੱਤੀ । ਸਿੱਟੇ ਵਜੋਂ 16ਵੀਂ ਸਦੀ ਵਿੱਚ ਧਰਮ-ਸੁਧਾਰ ਅੰਦੋਲਨ ਆਰੰਭ ਹੋਇਆ ਜਿਸ ਨੂੰ ਸਮਰਾਟਾਂ ਅਤੇ ਜਨਤਾ ਨੇ ਆਪਣਾ ਪੂਰਾ ਸਹਿਯੋਗ ਦਿੱਤਾ ।


(ਅ) ਉਦੇਸ਼- ਧਰਮ-ਸੁਧਾਰ ਅੰਦੋਲਨ ਦੇ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਸਨ 

1. ਪੋਪ ਅਤੇ ਹੋਰ ਧਰਮ-ਅਧਿਕਾਰੀਆਂ ਦੀ ਧਾਰਮਿਕ ਨਿਰੰਕੁਸ਼ਤਾ ਅਤੇ ਅਸੀਮਿਤ ਅਧਿਕਾਰਾਂ 'ਤੇ ਰੋਕ ਲਗਾਉਣਾ ।

2. ਉਨ੍ਹਾਂ ਦੇ ਨੈਤਿਕ ਜੀਵਨ ਵਿੱਚ ਸੁਧਾਰ ਲਿਆਉਣਾ ।

 3. ਚਰਚਾ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਅੰਤ ਕਰਨਾ ਅਤੇ ਧਰਮ-ਅਧਿਕਾਰੀਆਂ ਦਾ ਧਿਆਨ ਅਧਿਆਤਮਿਕਤਾ ਵੱਲ ਲਗਾਉਣਾ ।

4. ਰਾਸ਼ਟਰੀ ਚਰਚ ਦੀ ਸਥਾਪਨਾ 'ਤੇ ਜ਼ੋਰ ਦੇਣਾ ।

5. ਜਨ-ਸਾਧਾਰਨ ਨੂੰ ਮੁਕਤੀ ਪ੍ਰਾਪਤੀ ਦੇ ਲਈ ਪੋਪ 'ਤੇ ਨਿਰਭਰ ਨਾ ਰਹਿ ਕੇ ਪਰਮਾਤਮਾ 'ਤੇ ਨਿਰਭਰ ਬਣਾਉਣਾ ।

6. ਹਰੇਕ ਮਨੁੱਖ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕਰਨਾ ।

II. ਧਰਮ-ਸੁਧਾਰ ਅੰਦੋਲਨ ਦੇ ਕਾਰਨ


ਧਰਮ-ਸੁਧਾਰ ਅੰਦੋਲਨ ਦੇ ਆਰੰਭ ਅਤੇ ਵਿਕਾਸ ਵਿੱਚ ਜਿਨ੍ਹਾਂ ਕਾਰਨਾਂ ਨੇ ਮਦਦ ਪਹੁੰਚਾਈ ਉਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ

1. ਚਰਚ ਦੀਆਂ ਬੁਰਾਈਆਂ-ਧਰਮ-ਸੁਧਾਰ ਅੰਦੋਲਨ ਦਾ ਮੁੱਖ ਕਾਰਨ ਚਰਚ ਵਿੱਚ ਪਾਈਆਂ ਜਾਂਦੀਆਂ ਬੁਰਾਈਆਂ ਸਨ ਜਿਨ੍ਹਾਂ ਕਾਰਨ ਲਗਭਗ ਪਿਛਲੇ 200 ਸਾਲਾਂ ਤੋਂ ਚਰਚ ਬਦਨਾਮ ਹੋ ਰਿਹਾ ਸੀ । ਚਰਚ ਦੇ ਸੰਗਠਨ ਵਿੱਚ ਭ੍ਰਿਸ਼ਟਾਚਾਰ ਅਤੇ ਦੁਰਾਚਾਰ ਦਾ ਬੋਲਬਾਲਾ ਸੀ । ਉੱਚ-ਅਧਿਕਾਰੀ ਤੋਂ ਲੈ ਕੇ ਪਾਦਰੀ ਤਕ ਸਾਰਿਆਂ ਦਾ ਚਰਿੱਤਰ ਡਿਗ ਚੁੱਕਾ ਸੀ । ਚਰਚ ਦੇ ਅਧਿਕਾਰੀ ਆਪਣੇ ਕਰਤੱਵਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ ਅਤੇ ਬੜੇ ਲਾਲਚੀ ਹੋ ਗਏ ਸਨ । ਉਹ ਵਿਲਾਸੀ ਜੀਵਨ ਬਤੀਤ ਕਰਨ ਲੱਗੇ ਸਨ ਅਤੇ ਹਰ ਸਮੇਂ ਰੰਗਰਲੀਆਂ ਵਿੱਚ ਡੁੱਬੇ ਰਹਿੰਦੇ ਸਨ । ਪਾਦਰੀਆਂ ਦੇ ਇਨ੍ਹਾਂ ਹੀ ਗਲਤ ਕੰਮਾਂ ਦੇ ਕਾਰਨ ਜਨ-ਸਾਧਾਰਨ ਚਰਚ ਦੇ ਵਿਰੁੱਧ ਹੋ ਗਿਆ ।

2. ਪੋਪ ਅਤੇ ਪਾਦਰੀਆਂ ਦੇ ਵਿਸ਼ੇਸ਼ ਅਧਿਕਾਰ - ਯੂਰਪ ਦੀ ਸਮਾਜਿਕ ਵਿਵਸਥਾ ਦੇ ਅਨੁਸਾਰ ਪਾਦਰੀਆਂ ਦੇ ਕੋਲ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਦੇਸ਼ ਦਾ ਕੋਈ ਵੀ ਕਾਨੂੰਨ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ ਸੀ । ਕੋਈ ਅਪਰਾਧ ਕਰਨ 'ਤੇ ਉਨ੍ਹਾਂ 'ਤੇ ਕੇਵਲ ਧਾਰਮਿਕ ਅਦਾਲਤ ਵਿੱਚ ਹੀ ਮੁਕੱਦਮਾ ਚਲਾਇਆ ਜਾ ਸਕਦਾ ਸੀ । ਇਸ ਅਦਾਲਤ ਦਾ ਜੱਜ ਪਾਦਰੀ ਹੁੰਦਾ ਸੀ ਅਤੇ ਉਹ ਉਨ੍ਹਾਂ ਨੂੰ ਘੱਟ ਹੀ ਸਜ਼ਾ ਦਿੰਦਾ ਸੀ ।ਪੋਪ ਉੱਚਿਤ-ਅਣਉੱਚਿਤ ਤਰੀਕੇ ਨਾਲ ਵੱਧ ਤੋਂ ਵੱਧ ਧਨ ਇਕੱਠਾ ਕਰਨ ਦਾ ਯਤਨ ਕਰਦੇ ਸਨ । ਉਨ੍ਹਾਂ ਨੇ ਧਾਰਮਿਕ ਪਦਵੀਆਂ ਵੇਚਣੀਆਂ ਆਰੰਭ ਕਰ ਦਿੱਤੀਆਂ ।ਇਸ ਕਾਲ ਦੇ ਪੋਪਾਂ ਨੇ ਧਨ ਇਕੱਠਾ ਕਰਨ ਦੇ ਨਾਲ ਭੋਗ-ਵਿਲਾਸ ਦਾ ਜੀਵਨ ਵੀ ਆਰੰਭ ਕਰ ਦਿੱਤਾ ਸੀ । ਧਰਮ ਦੇ ਸਭ ਤੋਂ ਵੱਡੇ ਵਿਅਕਤੀ ਦੇ ਇਸ ਤਰ੍ਹਾਂ ਦੇ ਚਰਿੱਤਰ ਨਾਲ ਲੋਕਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ । ਸਿੱਟੇ ਵਜੋਂ ਉਨ੍ਹਾਂ ਦੇ ਅਜਿਹੇ ਦੁਰਾਚਾਰੀ ਵਿਹਾਰ ਦੇ ਵਿਰੁੱਧ ਧਰਮ-ਸੁਧਾਰ ਅੰਦੋਲਨ ਆਰੰਭ ਕਰ ਦਿੱਤਾ ਗਿਆ ।

3. ਚਰਚ ਦੀ ਵਿਸ਼ਾਲ ਧਨ-ਸੰਪੱਤੀ—ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਚਰਚ ਨੇ ਵਿਸ਼ਾਲ ਸੰਪੱਤੀ ਇਕੱਠੀ ਕਰ ਲਈ ਸੀ । ਚਰਚ ਦੀ ਸੰਪੱਤੀ ਵਧਣ ਦੇ ਕਈ ਸਾਧਨ ਸਨ ਜਿਵੇਂ ਧਰਮ-ਯੁੱਧ ਕਰਨ ਵਾਲਿਆਂ ਦੁਆਰਾ ਵੇਚੀ ਅਤੇ ਗਹਿਣੇ ਰੱਖੀ ਗਈ ਸੰਪੱਤੀ, ਚਰਚ ਨੂੰ ਦਾਨ ਦਿੱਤੀ ਗਈ ਬੰਜਰ ਭੂਮੀ ਜੋ ਬਾਅਦ ਵਿੱਚ ਖੇਤੀ ਯੋਗ ਬਣ ਗਈ ਸੀ । ਚਰਚ ਕਿਸਾਨਾਂ ਤੋਂ ਉਨ੍ਹਾਂ ਦੇ ਉਤਪਾਦਨ ਦਾ ਦਸਵਾਂ ਭਾਗ ਕਰ ਦੇ ਰੂਪ ਵਿੱਚ ਲੈਂਦਾ ਸੀ । ਸਮਰਾਟ ਚਰਚ ਦੀ ਸੰਪੱਤੀ 'ਤੇ ਕਰ ਨਹੀਂ ਲਗਾ ਸਕਦੇ ਸਨ । ਇਸ ਵਿਸ਼ਾਲ ਸੰਪੱਤੀ ਦੇ ਕਾਰਨ ਹੁਣ ਪਾਦਰੀ ਭ੍ਰਿਸ਼ਟ ਹੋ ਗਏ ਸਨ । ਇਸ ਕਾਰਨ ਲੋਕ ਚਰਚ ਦੇ ਵਿਰੁੱਧ ਹੋ ਗਏ ।

4. ਰਾਜਨੀਤਿਕ ਖੇਤਰ ਵਿੱਚ ਪੋਪ ਦੀ ਦਖਲ-ਅੰਦਾਜ਼ੀਪੋਪ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਹੀ ਨਿਰੰਕੁਸ਼ ਸ਼ਾਸਕ ਨਹੀਂ ਸੀ, ਬਲਕਿ ਰਾਜਨੀਤਿਕ ਖੇਤਰ ਵਿੱਚ ਵੀ ਉਸ ਦਾ ਪੂਰਾ ਪ੍ਰਭਾਵ ਸੀ । ਉਹ ਆਪਣੇ ਆਪ ਨੂੰ ਧਰਤੀ 'ਤੇ ਭਗਵਾਨ ਦਾ ਪ੍ਰਤੀਨਿਧੀ ਸਮਝਦਾ ਸੀ । ਈਸਾਈ ਰਾਜਾਂ 'ਤੇ ਆਪਣਾ ਸਖ਼ਤ ਕੰਟਰੋਲ ਰੱਖਣ ਦੇ ਉਦੇਸ਼ ਨਾਲ ਉਸ ਨੇ ਆਪਣੇ ਅਧਿਕਾਰੀ ਨਿਯੁਕਤ ਕੀਤੇ ਹੋਏ ਸਨ । ਇਹ ਅਧਿਕਾਰੀ ਪੌਪ ਦੇ ਆਦੇਸ਼ਾਂ ਦਾ ਪਾਲਣ ਕਰਵਾਉਣ ਦਾ ਕੰਮ ਕਰਦੇ ਸਨ । ਜੇ ਕੋਈ ਸਮਰਾਟ ਪੋਪ ਦੇ ਆਦੇਸ਼ਾਂ ਦੇ ਉਲਟ ਕੰਮ ਕਰਦਾ ਸੀ ਤਾਂ ਪੋਪ ਉਸ ਨੂੰ ਸਜ਼ਾ ਦੇ ਸਕਦਾ ਸੀ । ਉਹ ਸਮਰਾਟ ਨੂੰ ਪਦ ਤੋਂ ਵਾਂਝਿਆ ਕਰ ਸਕਦਾ ਸੀ । ਚਰਚ ਦੀ ਸੰਪੱਤੀ ਦੇ ਕਾਰਨ ਵੀ ਕਈ ਵਾਰ ਪੋਪ ਅਤੇ ਸਮਰਾਟਾਂ ਵਿੱਚ ਝਗੜਾ ਹੋ ਜਾਂਦਾ ਸੀ । ਪੋਪ ਦਾ ਇਹ ਵਿਸ਼ਵਾਸ ਸੀ ਕਿ ਚਰਚ ਦੀ ਸੰਪੱਤੀ 'ਤੇ ਟੈਕਸ ਲਗਾਉਣ ਦਾ ਅਧਿਕਾਰ ਕਿਸੇ ਸਮਰਾਟ ਦੇ ਕੋਲ ਨਹੀਂ ਹੈ । ਪਰੰਤੂ ਕਈ ਸਮਰਾਟਾਂ ਨੇ ਪੋਪ ਦੀ ਇਸ ਧਾਰਨਾ ਨੂੰ ਚੁਨੌਤੀ ਦਿੱਤੀ । ਇਨ੍ਹਾਂ ਸਮਰਾਟਾਂ ਨੇ ਪੋਪ ਦੇ ਆਦੇਸ਼ਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਚਰਚ 'ਤੇ ਟੈਕਸ ਲਗਾ ਦਿੱਤੇ । ਸਿੱਟੇ ਵਜੋਂ ਪੋਪ ਦੀ ਸਥਿਤੀ ਕਮਜ਼ੋਰ ਹੋ ਗਈ ਅਤੇ ਲੋਕ ਧਰਮ-ਸੁਧਾਰ ਦੇ ਲਈ ਪ੍ਰੇਰਿਤ ਹੋਏ ।

5. ਰਾਸ਼ਟਰੀ ਰਾਜਾਂ ਦਾ ਉੱਥਾਨ—ਪੁਨਰ-ਜਾਗਰਨ ਤੋਂ ਪਹਿਲਾਂ ਯੂਰਪ ਦੇ ਕਈ ਦੇਸ਼ਾਂ ਵਿੱਚ ਸਾਮੰਤਵਾਦ ਦਾ ਬੋਲਬਾਲਾ ਸੀ । ਸਾਰੀਆਂ ਪ੍ਰਸ਼ਾਸਨੀ ਸ਼ਕਤੀਆਂ ਦਾ ਪ੍ਰਯੋਗ ਜ਼ਿਆਦਾਤਰ ਸਾਮੰਤ ਹੀ ਕਰਦੇ ਸਨ । ਇਸ ਸਾਮੰਤੀ ਵਿਵਸਥਾ ਵਿੱਚ ਅਨੇਕਾਂ ਦੋਸ਼ ਮੌਜੂਦ ਸਨ । ਇਨ੍ਹਾਂ ਦੋਸ਼ਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਕਈ ਰਾਜਾਂ ਦੇ ਸ਼ਾਸਕਾਂ ਨੇ ਸਾਮੰਤਾਂ ਨੂੰ ਸ਼ਕਤੀਹੀਨ ਕਰਨ ਦੇ ਸਫਲ ਯਤਨ ਕੀਤੇ । ਸਿੱਟੇ ਵਜੋਂ ਇੰਗਲੈਂਡ, ਫ਼ਰਾਂਸ, ਪ੍ਰਤਗਾਲ, ਸਪੇਨ, ਹੰਗਰੀ, ਪੋਲੈਂਡ, ਹਾਲੈਂਡ, ਸਕਾਟਲੈਂਡ, ਡੈਨਮਾਰਕ ਆਦਿ ਰਾਸ਼ਟਰੀ ਰਾਜਾਂ ਦਾ ਉੱਥਾਨ ਹੋਇਆ । ਇਹ ਰਾਸ਼ਟਰੀ ਰਾਜ ਚਰਚ ਦੇ ਪ੍ਰਭਾਵ ਤੋਂ ਮੁਕਤੀ ਪਾਉਣਾ ਚਾਹੁੰਦੇ ਸਨ । ਇਸ ਕੰਮ ਦੇ ਲਈ ਫ਼ਰਾਂਸ, ਇੰਗਲੈਂਡ ਅਤੇ ਸਪੇਨ ਦੇ ਸਮਰਾਟ ਅੱਗੇ ਆਏ । ਉਨ੍ਹਾਂ ਨੇ ਆਪਣੇ ਰਾਜ ਵਿੱਚ ਸਥਿਤ ਚਰਚ ਦੀ ਸੰਪੱਤੀ 'ਤੇ ਟੈਕਸ ਲਗਾਇਆ ਅਤੇ ਆਪਣੇ ਰਾਜਾ ਵਿੱਚ ਪਾਦਰੀਆਂ ਦੀ ਨਿਯੁਕਤੀ 'ਤੇ ਆਪਣਾ ਕੰਟਰੋਲ ਸਥਾਪਿਤ ਕੀਤਾ ।

6. ਪੁਨਰ-ਜਾਗਰਨ ਦਾ ਪ੍ਰਭਾਵਪੁਨਰ-ਜਾਗਰਨ ਦੇ ਪ੍ਰਭਾਵ ਨਾਲ ਯੂਰਪ ਦੇ ਲੋਕਾਂ ਦਾ ਦ੍ਰਿਸ਼ਟੀਕੋਣ ਆਲੋਚਨਾਤਮਕ ਅਤੇ ਤਾਰਕਿਕ ਹੋ ਗਿਆ । ਹੁਣ ਉਹ ਤਰਕ ਦੀ ਕਸੌਟੀ ‘ਤੇ ਕੱਸੇ ਬਿਨਾਂ ਕਿਸੇ ਵੀ ਤੱਥ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਸਨ । ਛਾਪੇਖ਼ਾਨੇ ਦੀ ਖੋਜ ਦੇ ਕਾਰਨ ਬਾਈਬਲ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਕੀਤਾ ਗਿਆ ਅਤੇ ਉਸ ਦੀਆਂ ਪ੍ਰਕਾਸ਼ਿਤ ਕਾਪੀਆਂ ਜਨ-ਸਾਧਾਰਨ ਨੂੰ ਉਪਲੱਬਧ ਕਰਾਈਆਂ ਗਈਆਂ । ਬਾਈਬਲ ਦੇ ਅਧਿਐਨ ਨਾਲ ਉਨ੍ਹਾਂ ਨੂੰ ਪਤਾ ਚੱਲਿਆ ਕਿ ਚਰਚ ਉਨ੍ਹਾਂ ਨੂੰ ਕਿਸ ਤਰ੍ਹਾਂ ਧਰਮ ਦੇ ਨਾਂ 'ਤੇ ਮੂਰਖ ਬਣਾ ਰਿਹਾ ਹੈ । ਤਾਰਕਿਕ ਦ੍ਰਿਸ਼ਟੀਕੋਣ ਵਾਲੇ ਲੋਕ ਇਸ ਧਾਰਮਿਕ ਭ੍ਰਿਸ਼ਟਾਚਾਰ ਨੂੰ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਵਿੱਚ ਪਾਇਆ ਜਾਂਦਾ ਅਸੰਤੋਸ਼ ਗੁੱਸੇ ਵਿੱਚ ਬਦਲ ਗਿਆ । ਇਸ ਗੱਲ ਨੇ ਧਰਮ-ਸੁਧਾਰ ਅੰਦੋਲਨ ਦਾ ਮਾਰਗ ਪੱਧਰਾ ਕੀਤਾ ।

7. ਧਰਮ-ਸੁਧਾਰਕਾਂ ਦੁਆਰਾ ਪੋਪ ਦਾ ਵਿਰੋਧ—ਧਰਮ-ਸੁਧਾਰ ਅੰਦੋਲਨ ਦੇ ਆਰੰਭ ਅਤੇ ਪ੍ਰਸਾਰ ਵਿੱਚ ਯੂਰਪ ਦੇ ਧਰਮ-ਸੁਧਾਰਕਾਂ ਨੇ ਵਰਣਨਯੋਗ ਭੂਮਿਕਾ ਨਿਭਾਈ ਇਨ੍ਹਾਂ ਧਰਮ रे ਸੁਧਾਰਕਾਂ ਨੇ ਲੋਕਾਂ ਦੇ ਸਾਹਮਣੇ ਜਲਦੀ ਹੀ ਧਾਰਮਿਕ ਵਿਵਸਥਾ ਦੇ ਦੋਸ਼ਾਂ ਦਾ ਭਾਂਡਾ ਭੰਨ ਦਿੱਤਾ । ਇਨ੍ਹਾਂ ਧਰਮ-ਸੁਧਾਰਕਾ ਵਿੱਚ ਸਭ ਨਾਲੋਂ ਪ੍ਰਸਿੱਧ ਵਾਈਕਲਿਫ਼ ਸੀ ।ਵਾਈਕਲਿਫ਼ ਨੇ ਪੋਪ ਅਤੇ ਚਰਚ ਦੇ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਾਈਬਲ ਦੇ ਸਿਧਾਂਤਾਂ ਨੂੰ ਅਪਣਾਉਣ । ਚਰਚ ਦਾ ਵਿਰੋਧ ਕਰਨ ਦੇ ਕਾਰਨ ਪੋਪ ਨੇ ਉਸ ਨੂੰ ਈਸਾਈ ਧਰਮ ਤੋਂ ਕੱਢ ਦਿੱਤਾ । ਜਾਨ ਹੱਸ ਉਸ ਦਾ ਸਭ ਤੋਂ ਪ੍ਰਸਿੱਧ ਚੇਲਾ ਸੀ । ਉਸ ਨੇ ਆਪਣੇ ਗੁਰੂ ਦੇ ਉਪਦੇਸ਼ਾਂ ਦਾ ਲੋਕਾਂ ਵਿੱਚ ਬਹੁਤ ਪ੍ਰਚਾਰ ਕੀਤਾ । ਪੋਪ ਨੇ ਉਸ ਨੂੰ ਵੀ ਈਸਾਈ ਧਰਮ ਵਿੱਚੋਂ ਕੱਢ ਦਿੱਤਾ ।ਪੋਪ ਦਾ ਆਦੇਸ਼-ਪੱਤਰ ਮਿਲਣ 'ਤੇ ਉਸ ਨੇ ਗੁੱਸੇ ਨਾਲ ਉਸ ਨੂੰ ਜਲਾ ਦਿੱਤਾ । ਉਸ ਦੇ ਇਸ ਕੰਮ ਤੋਂ ਨਾਰਾਜ਼ ਹੋ ਕੇ ਕੁਝ ਧਾਰਮਿਕ ਲੋਕਾਂ ਨੇ ਉਸ ਨੂੰ ਜ਼ਿੰਦਾ ਹੀ ਜਲਾ ਦਿੱਤਾ । ਏਰਾਸਮਸ ਇਕ ਹੋਰ ਵਿਦਵਾਨ ਸੀ । ਉਸ ਨੇ ਬਾਈਬਲ ਦੀਆਂ ਗਲਤੀਆਂ ਦੀ ਸੁਧਾਈ ਕੀਤੀ ਅਤੇ ਲਾਤੀਨੀ ਭਾਸ਼ਾ ਵਿੱਚ ਰੂਪਾਂਤਰਨ ਤਿਆਰ ਕੀਤਾ । ਉਸ ਨੇ ਆਪਣੀ ਪ੍ਰਸਿੱਧ ਪੁਸਤਕ ਇਨ ਪ੍ਰੇਜ਼ ਆੱਫ਼ ਫੌਲੀ ਵਿੱਚ ਚਰਚ ਦੀਆਂ ਭ੍ਰਿਸ਼ਟਾਚਾਰੀ ਪ੍ਰਥਾਵਾਂ ਦਾ ਖੰਡਨ ਕੀਤਾ । ਇਸ ਪੁਸਤਕ ਦੇ ਕਾਰਨ ਪੋਪ ਦੀ ਪ੍ਰਤਿਸ਼ਠਾ ਨੂੰ ਕਰਾਰੀ ਸੱਟ ਵੱਜੀ । 8. ਤਤਕਾਲੀਨ ਕਾਰਨ—ਖਿਮਾ-ਪੱਤਰਾਂ ਦੀ ਵਿਕਰੀ—ਪੋਪ ਦੁਆਰਾ ਖਿਮਾ-ਪੱਤਰਾਂ ਦੀ ਵਿਕਰੀ ਧਰਮ-ਸੁਧਾਰ ਅੰਦੋਲਨ ਦਾ ਤਤਕਾਲੀਨ ਕਾਰਨ ਬਣਿਆ । ਉਨ੍ਹਾਂ ਦਿਨਾਂ ਵਿੱਚ ਪੋਪ ਨੂੰ ਸੇਂਟ ਪੀਟਰ ਗਿਰਜਾਘਰ ਦੇ ਨਿਰਮਾਣ ਦੇ ਲਈ ਪੈਸਾ ਚਾਹੀਦਾ ਸੀ । ਉਸ ਨੇ ਪੈਸਾ ਇਕੱਠਾ ਕਰਨ ਦੇ ਲਈ ਖਿਮਾ-ਪੱਤਰਾਂ ਨੂੰ ਵੇਚਣਾ ਆਰੰਭ ਕਰ ਦਿੱਤਾ । ਇਨ੍ਹਾਂ ਖਿਮਾ-ਪੱਤਰਾਂ ਨੂੰ ਖ਼ਰੀਦ ਕੇ ਕੋਈ ਵੀ ਵਿਅਕਤੀ ਆਪਣੇ ਪਾਪਾਂ ਤੋਂ ਮੁਕਤ ਹੋ ਸਕਦਾ ਸੀ । 1517 ਈ. ਵਿੱਚ ਟੈਟਜੈਲ ਨਾਮਕ ਇਕ ਪਾਦਰੀ ਖਿਮਾ-ਪੱਤਰਾਂ ਨੂੰ ਵੇਚਣ ਦੇ ਲਈ ਵਿਟੇਨਬਰਗ ਪਹੁੰਚਿਆ । ਜਦ ਉਹ ਉੱਥੇ ਇਹ ਖਿਮਾ-ਪੱਤਰ ਵੇਚ ਰਿਹਾ ਸੀ ਤਾਂ ਮਾਰਟਿਨ ਲੂਥਰ ਨੇ ਉਸ ਦਾ ਵਿਰੋਧ ਕੀਤਾ । ਮਾਰਟਿਨ ਲੂਥਰ ਵਿਟੇਨਬਰਗ ਵਿੱਚ ਇਕ ਪ੍ਰੋਫ਼ੈਸਰ ਸੀ । ਚਰਚ ਵਿੱਚ ਪਾਏ ਜਾਂਦੇ ਦੋਸ਼ਾਂ ਦੇ ਕਾਰਨ ਉਸ ਦੇ ਮਨ ਵਿੱਚ ਪਹਿਲੇ ਹੀ ਚਰਚ ਵਿਰੁੱਧ ਤੂਫ਼ਾਨ ਉੱਠ ਰਿਹਾ ਸੀ । ਮਾਰਟਿਨ ਲੂਥਰ ਨੇ ਇਨ੍ਹਾਂ ਖਿਮਾ-ਪੱਤਰਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਜੋ ਬਾਅਦ ਵਿੱਚ ਧਰਮ-ਸੁਧਾਰ ਅੰਦੋਲਨ ਸਿੱਧ ਹੋਇਆ ।



Post a Comment

0 Comments