![]() |
| ਸਾਧੂ ਦੀ ਮਹਾਨਤਾ |
ਸਾਧੂ ਦੀ ਮਹਾਨਤਾ
ਭਗਵਾਨ ਬੁੱਧ ਨੇ ਆਪਣੇ ਚੇਲਿਆਂ ਨੂੰ ਦੀਕਸ਼ਾ ਦੇਣ ਤੋਂ ਬਾਅਦ ਕਿਹਾ, ''ਤੁਸੀਂ ਸਾਰੇ ਜਿਥੇ ਕਿਤੇ ਵੀ ਜਾਓਗੇ, ਉਥੇ ਤੁਹਾਨੂੰ ਚੰਗੇ ਤੇ ਮਾੜੇ ਦੋਵਾਂ ਤਰ੍ਹਾਂ ਦੇ ਲੋਕ ਮਿਲਣਗੇ। ਚੰਗੇ ਲੋਕ ਤੁਹਾਡੀਆਂ ਗੱਲਾਂ ਸੁਣਨਗੇ ਅਤੇ ਤੁਹਾਡੀ ਮਦਦ ਕਰਨਗੇ। ਮਾੜੇ ਲੋਕ ਤੁਹਾਡੀ ਨਿੰਦਿਆ ਕਰਨਗੇ ਅਤੇ ਗਾਲ੍ਹਾਂ ਕੱਢਣਗੇ। ਤੁਹਾਨੂੰ ਇਸ ਨਾਲ ਕਿਹੋ ਜਿਹਾ ਲੱਗੇਗਾ?''
ਇਕ ਗੁਣੀ ਚੇਲੇ ਨੇ ਕਿਹਾ, ''ਮੈਂ ਕਿਸੇ ਨੂੰ ਮਾੜਾ ਨਹੀਂ ਸਮਝਦਾ। ਜੇ ਕੋਈ ਮੇਰੀ ਨਿੰਦਿਆ ਕਰੇਗਾ ਜਾਂ ਮੈਨੂੰ ਗਾਲ੍ਹਾਂ ਕੱਢੇਗਾ ਤਾਂ ਮੈਂ ਸਮਝਾਂਗਾ ਕਿ ਉਹ ਭਲਾ ਵਿਅਕਤੀ ਹੈ ਕਿਉਂਕਿ ਉਸ ਨੇ ਮੈਨੂੰ ਸਿਰਫ ਗਾਲ੍ਹਾਂ ਹੀ ਕੱਢੀਆਂ, ਮੇਰੇ 'ਤੇ ਮਿੱਟੀ ਤਾਂ ਨਹੀਂ ਸੁੱਟੀ।''
ਬੁੱਧ ਬੋਲੇ, ''ਜੇ ਕੋਈ ਤੇਰੇ 'ਤੇ ਮਿੱਟੀ ਸੁੱਟ ਦੇਵੇ ਤਾਂ?''
ਚੇਲੇ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ, ''ਮੈਂ ਉਸ ਨੂੰ ਭਲਾ ਹੀ ਕਹਾਂਗਾ ਕਿਉਂਕਿ ਉਸ ਨੇ ਸਿਰਫ ਮਿੱਟੀ ਹੀ ਤਾਂ ਸੁੱਟੀ, ਮੈਨੂੰ ਥੱਪੜ ਤਾਂ ਨਹੀਂ ਮਾਰਿਆ।''
ਇਸ 'ਤੇ ਭਗਵਾਨ ਬੁੱਧ ਪੁੱਛਣ ਲੱਗੇ, ''ਜੇ ਕੋਈ ਤੈਨੂੰ ਥੱਪੜ ਮਾਰ ਦੇਵੇ ਤਾਂ ਤੂੰ ਕੀ ਕਰੇਂਗਾ?''
ਚੇਲਾ ਬੋਲਿਆ, ''ਮੈਂ ਉਸ ਨੂੰ ਮਾੜਾ ਨਹੀਂ ਕਹਾਂਗਾ ਕਿਉਂਕਿ ਮੈਨੂੰ ਸਿਰਫ ਥੱਪੜ ਹੀ ਮਾਰਿਆ, ਡੰਡਾ ਤਾਂ ਨਹੀਂ ਮਾਰਿਆ। ਜੇ ਉਹ ਮੈਨੂੰ ਡੰਡਾ ਵੀ ਮਾਰ ਦੇਵੇ ਤਾਂ ਮੈਂ ਉਸ ਦਾ ਧੰਨਵਾਦ ਹੀ ਕਰਾਂਗਾ ਕਿਉਂਕਿ ਉਸ ਨੇ ਮੈਨੂੰ ਸਿਰਫ ਡੰਡੇ ਨਾਲ ਮਾਰਿਆ, ਹਥਿਆਰ ਨਾਲ ਨਹੀਂ ਮਾਰਿਆ।''
ਬੁੱਧ ਬੋਲੇ, ''ਰਸਤੇ ਵਿਚ ਤੈਨੂੰ ਡਾਕੂ ਵੀ ਮਿਲ ਸਕਦੇ ਹਨ, ਜੋ ਤੇਰੇ ਉੱਪਰ ਘਾਤਕ ਹਥਿਆਰਾਂ ਨਾਲ ਵਾਰ ਕਰ ਸਕਦੇ ਹਨ। ਫਿਰ ਤੂੰ ਕੀ ਕਰੇਂਗਾ?''
ਚੇਲਾ ਬੋਲਿਆ, ''ਮੈਂ ਉਨ੍ਹਾਂ ਨੂੰ ਦਿਆਲੂ ਹੀ ਸਮਝਾਂਗਾ ਕਿਉਂਕਿ ਉਹ ਸਿਰਫ ਵਾਰ ਕਰਦੇ ਹਨ, ਜਾਨੋਂ ਨਹੀਂ ਮਾਰਦੇ।''
ਬੁੱਧ ਬੋਲੇ, ''ਜੇ ਉਹ ਤੈਨੂੰ ਮਾਰ ਸੁੱਟਣ ਤਾਂ?''
ਚੇਲਾ ਬੋਲਿਆ, ''ਇਸ ਜੀਵਨ ਤੇ ਸੰਸਾਰ ਵਿਚ ਸਿਰਫ ਦੁੱਖ ਹਨ। ਜਿੰਨਾ ਜ਼ਿਆਦਾ ਜ਼ਿੰਦਾ ਰਹਾਂਗਾ, ਓਨੇ ਜ਼ਿਆਦਾ ਦੁੱਖ ਦੇਖਣੇ ਪੈਣਗੇ। ਜੀਵਨ ਤੋਂ ਮੁਕਤੀ ਲਈ ਆਤਮਹੱਤਿਆ ਕਰਨੀ ਤਾਂ ਮਹਾਪਾਪ ਹੈ। ਜੇ ਕੋਈ ਜਿਊਂਦੇ-ਜੀਅ ਮੁਕਤੀ ਦਿਵਾ ਦੇਵੇ ਤਾਂ ਉਸ ਦਾ ਉਪਕਾਰ ਮੰਨਾਂਗਾ।''
ਚੇਲੇ ਦੇ ਇਹ ਵਚਨ ਸੁਣ ਕੇ ਬੁੱਧ ਨੂੰ ਬਹੁਤ ਸੰਤੁਸ਼ਟੀ ਹੋਈ। ਉਹ ਬੋਲੇ, ''ਤੂੰ ਧੰਨ ਏਂ। ਸਿਰਫ ਤੂੰ ਹੀ ਸੱਚਾ ਸਾਧੂ ਏਂ। ਸੱਚਾ ਸਾਧੂ ਕਿਸੇ ਵੀ ਹਾਲਤ ਵਿਚ ਦੂਜੇ ਨੂੰ ਮਾੜਾ ਨਹੀਂ ਸਮਝਦਾ। ਜੋ ਦੂਜਿਆਂ ਵਿਚ ਬੁਰਾਈ ਨਹੀਂ ਦੇਖਦਾ, ਉਹੀ ਸੱਚਾ ਸਾਧੂ ਹੋਣ ਦੇ ਯੋਗ ਹੈ।''
ਮਹਾਤਮਾ ਬੁੱਧ ਦੀ ਕਹਾਣੀ

0 Comments